ਭਾਸ਼ਾ ਅਨੁਵਾਦ ਇੱਕ ਕਲਾ

Written by: Gurpreet

ਤਜਰਬੇਕਾਰ ਅਨੁਵਾਦਕਾਂ ਮੁਤਾਬਕ ਅਨੁਵਾਦ ਇੱਕ ਕਿਸਮ ਦੀ ਕਲਾ ਹੈ। ਸਪੱਸ਼ਟ ਤੌਰ ਤੇ, ਇੱਕ ਮਾਹਰ ਅਨੁਵਾਦਕ ਬਣਨ ਵਿੱਚ ਕਈ ਸਾਲਾਂ ਦਾ ਸਮਾਂ ਅਤੇ ਅਨੁਭਵ ਲੱਗ ਜਾਂਦਾ ਹੈ, ਪਰ ਇੱਕ ਵਾਰ ਜਦੋਂ ਉਹ ਮਾਹਰ ਹੋ ਜਾਂਦਾ ਹੈ, ਤਾਂ ਇਹ ਅਨੁਵਾਦਕ ਲਈ ਸਭ ਤੋਂ ਦਿਲਚਸਪ ਹੋ ਸਕਦਾ ਹੈ। ਅਸਲ ਵਿੱਚ, ਅਨੁਵਾਦਕ ਕੀ ਕਰਦਾ ਹੈ, ਉਹ ਇੱਕ ਭਾਸ਼ਾ ਦੇ ਸ਼ਬਦਾਂ ਨੂੰ ਦੂਸਰੀ ਭਾਸ਼ਾ ਦੇ ਸ਼ਬਦਾਂ ਨਾਲ ਬਦਲਦਾ ਹੈ। ਇਸ ਪ੍ਰਕਿਰਿਆ ਵਿੱਚ ਰਚਨਾਤਮਿਕਤਾ ਅਤੇ ਕਲਪਨਾ ਦੀ ਲੋੜ ਹੁੰਦੀ ਹੈ।

ਅਨੁਵਾਦਕ ਦਾ ਕੰਮ ਅਸਲ ਵਿੱਚ ਇੱਕ ਸੁਨੇਹੇ ਦੀ ਵਿਆਖਿਆ ਕਰਨਾ ਹੁੰਦਾ ਹੈ, ਤਾਂ ਜੋ ਅਨੁਵਾਦ ਕੀਤੀ ਭਾਸ਼ਾ ਨੂੰ ਪੜ੍ਹਨ ਵਾਲੇ ਲੋਕ ਅਨੁਵਾਦ ਹੋਈ ਲਿਖਤ ਦਾ ਭਾਵ ਸਮਝ ਸਕਣ। ਕਈ ਵਾਰ ਸ਼ਾਬਦਿਕ ਅਨੁਵਾਦ ਸੰਭਵ ਨਹੀਂ ਹੈ ਕਿਉਂਕਿ ਕਦੇ ਕਦਾਈਂ ਲਿਖਤ ਵਿੱਚ ਕੁਝ ਸ਼ਬਦ ਤਕਨਾਲੋਜੀ, ਵਿਗਿਆਨ, ਵਾਤਾਵਰਨ, ਸਿਹਤ ਆਦਿ ਸੰਬੰਧੀ ਹੁੰਦੇ ਹਨ। ਜਿਨ੍ਹਾਂ ਦਾ ਸ਼ਾਬਦਿਕ ਅਨੁਵਾਦ ਕਰਨਾ ਅਨੁਵਾਦਕ ਵਾਸਤੇ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਅਜਿਹੇ ਸ਼ਬਦ ਆਪਣੀ ਮੂਲ ਭਾਸ਼ਾ ਵਿੱਚ ਏਨੇ ਪ੍ਰਚਲਿਤ ਹੋ ਗਏ ਹਨ ਜਿਨ੍ਹਾਂ ਨੂੰ ਆਮ ਲੋਕ ਸੌਖੀ ਤਰ੍ਹਾਂ ਸਮਝਦੇ ਹਨ।

ਅਸੀਂ ਅਨੁਵਾਦ ਨੂੰ ਇੱਕ ਕਲਾ ਇਸ ਕਰਕੇ ਵੀ ਮੰਨਦੇ ਹਾਂ ਕਿਉਂਕਿ ਅਨੁਵਾਦ ਆਮ ਜਿਹਾ ਰੂਪਾਂਤਰਨ ਜਾਂ ਸ਼ਬਦਾਂ ਦੀ ਅਨੁਕੂਲਤਾ ਹੀ ਨਹੀਂ ਸਗੋਂ ਅਜਿਹੀ ਪ੍ਰਕਿਰਿਆ ਹੈ ਜਿਸ ਰਾਹੀਂ ਦੂਜੇ ਸਭਿਆਚਾਰ ਦੇ ਢਾਂਚੇ ਅਤੇ ਕਦਰਾਂ-ਕੀਮਤਾਂ ਦਾ ਸੋਧਿਆ ਰੂਪ ਵੀ ਪੇਸ਼ ਹੋਵੇ।  ਦਰਅਸਲ, ਅਨੁਵਾਦ ਦੋ ਭਾਸ਼ਾਵਾਂ ਦਾ ਹੀ ਨਹੀਂ, ਦੋ ਸੰਸਕ੍ਰਿਤੀਆਂ ਵਿੱਚ ਪੁਲ ਦਾ ਕੰਮ ਕਰਦਾ ਹੈ। ਪ੍ਰਾਚੀਨ ਇਤਿਹਾਸ ਉੱਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਰਾਜੇ-ਮਹਾਰਾਜੇ ਤੇ ਬਾਦਸ਼ਾਹ ਦਰਬਾਰਾਂ ਵਿੱਚ ਅਤੇ ਹਮਲਿਆਂ ਦੌਰਾਨ ਪੜ੍ਹੇ-ਲਿਖੇ ਵਿਦਵਾਨ, ਕਵੀ ਤੇ ਸਾਹਿਤਕਾਰ ਆਪਣੇ ਨਾਲ ਰੱਖਦੇ ਸਨ ਜਿਨ੍ਹਾਂ ਨੂੰ ਇੱਕ ਤੋਂ ਵਧੇਰੇ ਭਾਸ਼ਾਵਾਂ ਦਾ ਗਿਆਨ ਹੁੰਦਾ ਸੀ ਤੇ ਉਹ ਢੁੱਕਵੇਂ ਸ਼ਬਦਾਂ ਦੀ ਵਰਤੋਂ ਕਰਕੇ ਇੱਕ ਰਾਜੇ ਦੀ ਗੱਲ ਦੂਜੇ ਤੱਕ ਪਹੁੰਚਾਉਣ ਦਾ ਕੰਮ ਕਰਦੇ ਸਨ। ਇਹ ਦੁਭਾਸ਼ੀਏ ਜਾਂ ਅਨੁਵਾਦਕ, ਜਿਸ ਦੇਸ਼ ਵਿੱਚ ਜਾਂਦੇ, ਉੱਥੋਂ ਦੀ ਸਾਹਿਤਕ ਪਾਂਡੂ-ਲਿਪੀ ਨਾਲ ਲੈ ਜਾਂਦੇ ਤੇ ਉੱਥੋਂ ਦੇ ਸੱਭਿਆਚਾਰ ਤੇ ਸੰਸਕ੍ਰਿਤੀ ਬਾਰੇ ਗਿਆਨ ਹਾਸਲ ਕਰਦੇ ਸਨ।

ਜੇ ਤਕਨੀਕੀ ਅਤੇ ਵਿਗਿਆਨ ਨਾਲ ਭਰਪੂਰ ਸਾਧਨਾਂ ਵਾਲੇ ਆਧੁਨਿਕ ਜ਼ਮਾਨੇ ‘ਤੇ ਝਾਤ ਪਾਈਏ ਤਾਂ ਪਤਾ ਲੱਗਦਾ ਹੈ ਅਜੋਕੇ ਸਮੇਂ ਵਿੱਚ ਸੰਸਾਰ ਭਰ ਦੀਆਂ ਸ਼ਬਦਾਵਲੀ ਵਾਲੀਆਂ ਲਿਖਤਾਂ ਦਾ ਅਨੁਵਾਦ ਕਰਨ ਵੇਲੇ ਇੱਕ ਅਨੁਵਾਦਕ ਕਈ ਸਮੱਸਿਆਵਾਂ ਨਾਲ ਜੂਝਦਾ ਹੈ। ਕਿਉਂਕਿ ਕਈ ਵਾਰ ਇਸ ਤਰ੍ਹਾਂ ਦਾ ਸਮਾਂ ਵੀ ਆਉਂਦਾ ਜਦੋਂ ਇੱਕ ਲਿਖਤ ਤੋਂ ਦੂਜੀ ਲਿਖਤ ਵਿੱਚ ਅਨੁਵਾਦ ਕਰਨ ਵੇਲੇ ਰਾਜਾਂ ਅਤੇ ਖੇਤਰਾਂ ਵਿੱਚ ਵੰਡੇ ਹੋਏ ਸੰਸਾਰ ਵਿੱਚ ਅਨੁਵਾਦ ਹੋਈ ਲਿਖਤ ਇੱਕ ਜਗ੍ਹਾ ਵਾਸਤੇ ਢੁਕਵੀਂ ਤੇ ਦੂਜੀ ਵਾਸਤੇ ਅਢੁਕਵੀਂ ਹੋ ਸਕਦੀ ਹੈ। ਇਸ ਕਰਕੇ ਅਨੁਵਾਦਕ ਨੂੰ ਇਸ ਤਰ੍ਹਾਂ ਦੀਆਂ ਲਿਖਤਾਂ ਦਾ ਅਨੁਵਾਦ ਕਰਨ ਬਹੁਤ ਹੀ ਰਚਨਾਤਮਿਕ ਢੰਗ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਅਨੁਵਾਦ ਕੀਤੀ ਲਿਖਤ ਕਿਸੇ ਵੀ ਕੌਮ, ਦੇਸ਼, ਰਾਜ ਜਾਂ ਖੇਤਰ ਵਾਸਤੇ ਅਢੁਕਵੀਂ ਨਾ ਹੋਵੇ।

ਅਨੁਵਾਦ ਇਸ ਕਰਕੇ ਵੀ ਇੱਕ ਕਲਾ ਹੈ ਕਿਉਂਕਿ ਇਹ ਬਹੁਤ ਹੀ ਖ਼ਿਆਲੀ ਹੈ ਅਤੇ ਹਰੇਕ ਅਨੁਵਾਦਕ ਸੁਨੇਹੇ ਦਾ ਵੱਖੋ-ਵੱਖਰੇ ਢੰਗ ਨਾਲ ਅਨੁਵਾਦ ਕਰ ਸਕਦਾ ਹੈ। ਕਈ ਵਾਰ ਅਨੁਵਾਦ ਨੂੰ ਸਮਝਣਾ ਬਹੁਤ ਔਖਾ ਹੋ ਜਾਂਦਾ ਹੈ ਅਤੇ ਇਹ ਨਹੀਂ ਪਤਾ ਲੱਗਦਾ ਕਿ ਮੂਲ ਭਾਸ਼ਾ ਵਿੱਚ ਕੀ ਕਿਹਾ ਗਿਆ ਹੋਵੇਗਾ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਅਨੁਵਾਦ ਵਾਕਈ ਇੱਕ ਕਲਾ ਹੈ ਜਿਸ ਵਿੱਚ ਸਮੇਂ ਅਤੇ ਰਚਨਾਤਮਿਕਤਾ ਦੀ ਲੋੜ ਹੁੰਦੀ ਹੈ ਅਤੇ ਅਨੁਵਾਦਕ ਲਈ ਦੋਵਾਂ ਭਾਸ਼ਾਵਾਂ ਦੀ ਮੁਕੰਮਲ ਜਾਣਕਾਰੀ ਹੋਣ ਦੇ ਨਾਲ ਨਾਲ ਦੋਵਾਂ ਭਾਸ਼ਾਵਾਂ ਦੇ ਸੱਭਿਆਚਾਰਕ ਮੂਲ ਸਰੋਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਇੱਕ ਸਫਲ ਅਨੁਵਾਦਕ ਦੀਆਂ ਵਿਸ਼ੇਸ਼ਤਾਵਾਂ ਹਨ ਕਿ ਅਨੁਵਾਦ ਪਾਰਦਰਸ਼ੀ ਤੇ ਮੌਲਿਕ ਜਾਪੇ ਜਿਸ ਵਿੱਚ ਖੁੱਲ੍ਹ ਹੋਏ, ਪਰ ਮੂਲ ਸਪਸ਼ਟ ਹੋਵੇ। ਉਸ ਨੂੰ ਉਸ ਭਾਸ਼ਾ ਅਤੇ ਦੇਸ਼ ਦੇ ਰਾਜਨੀਤਕ, ਆਰਥਿਕ ਤੇ ਸਮਾਜਿਕ ਹਾਲਾਤ ਬਾਰੇ ਵੀ ਪੂਰਾ ਗਿਆਨ ਹੋਵੇ।

    Leave a Reply

    Your email address will not be published.